ਪੰਜਾਬ ਨਿਊਜ਼। ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਾਨੋਲੰਗਾ ਵਿੱਚ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਵਿੱਚ ਕਰੀਬ 35 ਲੱਖ ਰੁਪਏ ਦੀ ਗਬਨ ਕਰਨ ਦੇ ਦੋਸ਼ ਵਿੱਚ ਸਾਬਕਾ ਬੈਂਕ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬੈਂਕ ਮੈਨੇਜਰ ਦੀ ਪਛਾਣ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਕੁੰਡਲ ਦੇ ਰਹਿਣ ਵਾਲੇ ਪ੍ਰਮੋਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੈਨੇਜਰ ਸਾਲ 2022 ਤੋਂ ਫਰਾਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ ਆਈ.ਪੀ.ਸੀ ਦੀ ਧਾਰਾ 409 ਤਹਿਤ ਥਾਣਾ ਸਦਰ ਜਿਲਾ ਕਪੂਰਥਲਾ ਵਿਖੇ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਲੋੜੀਂਦਾ ਸੀ।
ਕਈ ਖਾਤਿਆਂ ਤੋਂ 35 ਲੱਖ ਰੁਪਏ ਕਢਵਾਏ ਗਏ
ਉਨ੍ਹਾਂ ਦੱਸਿਆ ਕਿ ਇਸ ਮੈਨੇਜਰ ਨੇ ਪੰਜਾਬ ਗ੍ਰਾਮੀਣ ਬੈਂਕ ਪਿੰਡ ਭਾਨੋਲੰਗਾ ਵਿੱਚ ਆਪਣੀ ਨਿਯੁਕਤੀ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਬੈਂਕ ਵਿੱਚ ਤਾਇਨਾਤ ਕਲਰਕ ਜਗਦੀਸ਼ ਸਿੰਘ ਅਤੇ ਕਲਰਕ ਰਜਨੀ ਬਾਲਾ ਦੇ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਦੁਰਵਰਤੋਂ ਕੀਤੀ। ਮੁਲਜ਼ਮ ਨੇ ਆਪਣੇ ਹੀ ਬੈਂਕ ਦੇ 12 ਵੱਖ-ਵੱਖ ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ‘ਚੋਂ ਵੱਖ-ਵੱਖ ਮਿਤੀਆਂ ‘ਤੇ 26 ਲੈਣ-ਦੇਣ ਕਰਕੇ ਕੁੱਲ 34,92,299 ਰੁਪਏ ਦੀ ਧੋਖਾਧੜੀ ਕਰਕੇ ਠੱਗੀ ਮਾਰੀ ਸੀ। ਇਸ ਤੋਂ ਬਾਅਦ ਇਸ ਰਕਮ ਵਿੱਚੋਂ 8,16,023 ਰੁਪਏ 5 ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਵਾਪਸ ਜਮ੍ਹਾਂ ਕਰਵਾ ਦਿੱਤੇ ਗਏ ਅਤੇ ਜਾਂਚ ਦੌਰਾਨ ਦੋਸ਼ ਸਾਬਤ ਹੋਣ ‘ਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।
ਮੁਲਜ਼ਮ ਦੀ ਪਿੰਡ ਤੋਂ ਕੀਤੀ ਗ੍ਰਿਫ਼ਤਾਰੀ
ਮਾਮਲਾ ਵਿਜੀਲੈਂਸ ਬਿਊਰੋ ਨੂੰ ਟਰਾਂਸਫਰ ਕਰ ਦਿੱਤਾ ਗਿਆ। ਮੁਲਜ਼ਮ ਪ੍ਰਮੋਦ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਕਪੂਰਥਲਾ ਵੱਲੋਂ ਖ਼ੁਫ਼ੀਆ ਸੂਤਰਾਂ ਤੋਂ ਪਤਾ ਲੱਗਣ ’ਤੇ ਉਸ ਦੇ ਜੱਦੀ ਪਿੰਡ ਕੁੰਡਲ, ਜ਼ਿਲ੍ਹਾ ਬੀਕਾਨੇਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।