ਪੰਜਾਬ ਦੇ ਸੰਗਰੂਰ ਵਿੱਚ ਇੱਕ ਪਿਤਾ ਨੇ ਆਪਣੀ 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਮ੍ਰਿਤਕ ਦਾ ਮਤਰੇਆ ਪਿਤਾ ਸੀ। ਲੜਕੀ ਦੀ ਮਾਂ ਅਤੇ ਨਾਨਾ-ਨਾਨੀ ਦਾ ਦੋਸ਼ ਹੈ ਕਿ ਮੁਲਜ਼ਮ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ, ਜਿਸ ਕਾਰਨ ਉਸ ਨੇ ਇਹ ਵਾਰਦਾਤ ਕੀਤੀ। ਮ੍ਰਿਤਕ ਦੀ ਨਾਨੀ ਸੁਨੀਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਮੁਲਜ਼ਮ ਸੰਦੀਪ ਗੋਇਲ ਨਾਲ ਦੂਜਾ ਵਿਆਹ ਸੀ। ਧੀ ਦੇ ਪਹਿਲੇ ਵਿਆਹ ਤੋਂ ਇੱਕ ਧੀ ਸੀ ਜਿਸਦਾ ਨਾਮ ਮਾਨਵੀ ਸੀ। ਲੜਕੀ ਦੀ ਮਾਂ ਨੇਹਾ ਨੇ ਦੱਸਿਆ ਕਿ 28 ਸਤੰਬਰ ਨੂੰ ਉਸ ਦੀ ਲੜਕੀ ਆਪਣੇ ਮਤਰੇਏ ਪਿਤਾ ਨਾਲ ਸਕੇਟਿੰਗ ਕਰਨ ਗਈ ਸੀ। ਦੇਰ ਰਾਤ ਜਦੋਂ ਉਹ ਘਰ ਪਰਤਿਆ ਤਾਂ ਲੜਕੀ ਬੇਹੋਸ਼ ਪਈ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਉਥੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਫਰਾਰ ਹੈ।
ਮ੍ਰਿਤਕ ਬੱਚੀ ਦੀ ਮਾਂ ਨੇ ਸੁਣਾਈ ਹੱਡਬੀਤੀ
ਮ੍ਰਿਤਕ ਦੀ ਮਾਂ ਨੇਹਾ ਨੇ ਦੱਸਿਆ ਕਿ ਇਹ ਉਸਦਾ ਦੂਜਾ ਵਿਆਹ ਸੀ। ਪਰ ਮੁਲਜ਼ਮ ਨੂੰ ਬੇਟੀ ਪਸੰਦ ਨਹੀਂ ਸੀ। ਰੋਜ਼ਾਨਾ ਦੀ ਤਰ੍ਹਾਂ ਮੁਲਜ਼ਮ ਪਿਤਾ ਆਪਣੀ ਬੇਟੀ ਨੂੰ ਸਕੇਟਿੰਗ ਲਈ ਲੈ ਗਿਆ ਸੀ। ਜਦੋਂ ਸ਼ਾਮ 7 ਵਜੇ ਤੱਕ ਵੀ ਦੋਵੇਂ ਵਾਪਸ ਨਹੀਂ ਆਏ ਤਾਂ ਨੇਹਾ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਅਜੇ ਤੱਕ ਕਿਉਂ ਨਹੀਂ ਆਏ। ਇਸ ‘ਤੇ ਮੁਲਜ਼ਮ ਨੇ ਜਵਾਬ ਦਿੱਤਾ ਕਿ ਲੜਕੀ ਨੇ ਅਜੇ ਜਿਓਮੈਟਰੀ ਲੈਣੀ ਹੈ। ਅਸੀਂ ਜਲਦੀ ਹੀ ਪਹੁੰਚ ਜਾਵਾਂਗੇ। ਫਿਰ ਕਰੀਬ ਪੌਣੇ 9 ਵਜੇ ਔਰਤ ਨੇ ਦੁਬਾਰਾ ਫੋਨ ਕੀਤਾ ਤਾਂ ਮੁਲਜ਼ਮ ਪਿਤਾ ਨੇ ਕਿਹਾ ਕਿ ਪਤਾ ਨਹੀਂ ਮਾਨਵੀ ਨੂੰ ਕੀ ਹੋ ਗਿਆ ਹੈ। ਜਦੋਂ ਨੇਹਾ ਭੱਜ ਕੇ ਹੇਠਾਂ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਬੇਹੋਸ਼ ਪਈ ਸੀ। ਨੇਹਾ ਨੇ ਜਲਦੀ ਤੋਂ ਜਲਦੀ ਹਸਪਤਾਲ ਜਾਣ ਲਈ ਕਿਹਾ ਅਤੇ ਗੁਆਂਢੀਆਂ ਨੂੰ ਵੀ ਮਾਨਵੀ ਦੀ ਤਬੀਅਤ ਖਰਾਬ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਨੇਹਾ ਅਤੇ ਮੁਲਜ਼ਮ ਕਾਰ ‘ਚ ਬੈਠ ਕੇ ਹਸਪਤਾਲ ਲਈ ਰਵਾਨਾ ਹੋ ਗਏ।
ਹਸਪਤਾਲ ਵਿੱਚ ਮਾਂ ਬੇਟੀ ਨੂੰ ਛੱਡ ਹੋਇਆ ਮੁਲਜ਼ਮ ਹੋਇਆ ਫਰਾਰ
ਉਹ ਬੇਟੀ ਨੂੰ ਲੈ ਕੇ ਇੱਕ ਨਿੱਜੀ ਹਸਪਤਾਲ ਪੁੱਜੇ। ਜਦੋਂ ਨੇਹਾ ਡਾਕਟਰਾਂ ਨਾਲ ਗੱਲ ਕਰ ਰਹੀ ਸੀ ਤਾਂ ਮੁਲਜ਼ਮ ਉਥੋਂ ਭੱਜ ਗਿਆ। ਪਿੱਛੇ ਤੋਂ ਹਸਪਤਾਲ ‘ਚ ਪਹੁੰਚੇ ਗੁਆਂਢੀ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਾਲਾਂਕਿ ਜਦੋਂ ਤੱਕ ਉਹ ਸਿਵਲ ਹਸਪਤਾਲ ਪੁੱਜੇ, ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।
ਪਹਿਲਾਂ ਵੀ ਆਪਣੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ। ਦੋ-ਢਾਈ ਮਹੀਨੇ ਪਹਿਲਾਂ ਵੀ ਮੁਲਜ਼ਮਾਂ ਨੇ ਧੀ ਦੀ ਪਾਣੀ ਦੀ ਬੋਤਲ ਵਿੱਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ ਸੀ। ਜਿਸ ਕਾਰਨ ਸਕੂਲ ਜਾਂਦੇ ਹੀ ਬੇਟੀ ਦੀ ਸਿਹਤ ਵਿਗੜ ਗਈ। ਹਾਲਾਂਕਿ ਉਸ ਸਮੇਂ ਉਸ ਨੂੰ ਲੱਗਾ ਕਿ ਅਜਿਹਾ ਗਲਤੀ ਨਾਲ ਹੋਇਆ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ
ਸੰਗਰੂਰ ਦੇ ਥਾਣਾ ਸਦਰ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ’ਤੇ ਸੰਦੀਪ ਗੋਇਲ ਖ਼ਿਲਾਫ਼ ਧਾਰਾ 103 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।