ਅਮਰੀਕਾ ‘ਚ ਤੂਫਾਨ ਮਿਲਟਨ ਕਾਰਨ ਤਬਾਹੀ ਮਚਣ ਦੀ ਸੰਭਾਵਨਾ ਹੈ। ਤੂਫਾਨ ਮੰਗਲਵਾਰ ਨੂੰ ਫਲੋਰੀਡਾ ਦੇ ਟੈਂਪਾ ਬੇ ਤੱਟ ਵੱਲ ਵਧ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ ਫਲੋਰੀਡਾ ‘ਚ ਪ੍ਰਸ਼ਾਸਨ ਨੇ ਤੱਟੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਤੂਫ਼ਾਨ ਹੇਲੇਨ ਦੇ ਤਬਾਹੀ ਮਚਾਉਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਇਹ ਵੱਡਾ ਤੂਫ਼ਾਨ ਆਇਆ ਹੈ। ਤੂਫਾਨ ਮਿਲਟਨ ਬੁੱਧਵਾਰ ਨੂੰ ਤੱਟ ਨਾਲ ਟਕਰਾ ਸਕਦਾ ਹੈ, ਜਿਸ ਨਾਲ ਫਲੋਰੀਡਾ ਦੇ ਸੰਘਣੀ ਆਬਾਦੀ ਵਾਲੇ ਪੱਛਮੀ ਤੱਟ ‘ਤੇ ਖਤਰਾ ਪੈਦਾ ਹੋ ਸਕਦਾ ਹੈ। ਯੂਐਸ ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਮਿਲਟਨ ਪੱਛਮੀ-ਕੇਂਦਰੀ ਫਲੋਰੀਡਾ ਨੂੰ ਮਾਰਨ ਵਾਲੇ ਹੁਣ ਤੱਕ ਦੇ ਸਭ ਤੋਂ ਵਿਨਾਸ਼ਕਾਰੀ ਤੂਫਾਨਾਂ ਵਿੱਚੋਂ ਇੱਕ ਹੋ ਸਕਦਾ ਹੈ। ਟੈਂਪਾ ਖਾੜੀ ਦੇ ਉੱਤਰ ਅਤੇ ਦੱਖਣ ਵੱਲ ਤੱਟਵਰਤੀ ਦੇ ਨਾਲ 10 ਤੋਂ 15 ਫੁੱਟ ਦੀਆਂ ਲਹਿਰਾਂ ਦੀ ਸੰਭਾਵਨਾ ਹੈ।
ਹੜ੍ਹ ਦਾ ਵੀ ਖਤਰਾ
127 ਤੋਂ 254 ਮਿਲੀਮੀਟਰ ਜਾਂ ਇਸ ਤੋਂ ਵੱਧ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਹੜ੍ਹਾਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕਰੀਬ 900 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਕਰੀਬ 700 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੁੱਧਵਾਰ ਨੂੰ ਹੋਣ ਵਾਲੀਆਂ 1,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ ਨੇ 10-15 ਅਕਤੂਬਰ ਦੀ ਜਰਮਨੀ ਅਤੇ ਅੰਗੋਲਾ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ।
ਬਿਡੇਨ ਨੇ ਲੋਕਾਂ ਨੂੰ ਕੀਤੀ ਅਪੀਲ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਫਲੋਰੀਡਾ ਵਿੱਚ ਤੂਫ਼ਾਨ ਮਿਲਟਨ ਦੇ ਟਕਰਾਉਣ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੂੰ ਤੁਰੰਤ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਬਿਡੇਨ ਨੇ ਕਿਹਾ ਕਿ ਇਹ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ। ਫਲੋਰੀਡਾ ਵਿੱਚ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਇਹ ਸਭ ਤੋਂ ਭਿਆਨਕ ਤੂਫਾਨ ਹੋ ਸਕਦਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹਾ ਨਾ ਹੋਵੇ, ਪਰ ਫਿਲਹਾਲ ਅਜਿਹਾ ਲੱਗਦਾ ਹੈ। ਬਿਡੇਨ ਨੇ ਫਲੋਰੀਡਾ ਵਿੱਚ ਐਮਰਜੈਂਸੀ ਘੋਸ਼ਣਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।