ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਇਨਾਮੀ ਬਦਮਾਸ਼ ਨੂੰ ਐਨਕਾਉਂਟਰ ਵਿੱਚ ਢੇਰ ਕੀਤਾ ਗਿਆ। ਬਿਹਾਰ ਅਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਰੂਗ੍ਰਾਮ ਦੇ ਬਾਰਹ ਗੁਜਰ ਪੁਲਿਸ ਚੌਕੀ ਖੇਤਰ ‘ਚ ਸਾਂਝੀ ਕਾਰਵਾਈ ਕੀਤੀ, ਜਿਸ ‘ਚ 2 ਲੱਖ ਰੁਪਏ ਦਾ ਇਨਾਮੀ ਅਪਰਾਧੀ ਮਾਰਿਆ ਗਿਆ। ਬਿਹਾਰ ਦੇ ਸੀਤਾਮੜੀ ‘ਚ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਵਿਧਾਇਕ ਤੋਂ ਫਿਰੌਤੀ ਮੰਗਣ ਦੇ ਦੋਸ਼ ‘ਚ ਇਸ ਅਪਰਾਧੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਿਹਾਰ ‘ਚ ਵੀ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਬਦਮਾਸ਼ ਦੇ ਖਿਲਾਫ ਕੀਤੀ ਗਈ ਇਸ ਕਾਰਵਾਈ ਵਿੱਚ ਬਿਹਾਰ ਪੁਲਿਸ ਦੇ ਇੱਕ ਜਵਾਨ ਕਾਂਸਟੇਬਲ ਰਤਨ ਕੁਮਾਰ ਨੂੰ ਵੀ ਗੋਲੀ ਲੱਗ ਗਈ। ਸਿਪਾਹੀ ਨੂੰ ਸਿਵਲ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸਦਾ ਇਲਾਜ ਜਾਰੀ ਹੈ।
ਇੱਕ ਮੁਲਜ਼ਮ ਫਰਾਰ
ਮੁੱਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ ਅਪਰਾਧੀ ਬੜ ਗੁੱਜਰ ਪੁਲਿਸ ਚੌਕੀ ਦੇ ਇਲਾਕੇ ਵਿੱਚ ਮੋਟਰਸਾਈਕਲ ’ਤੇ ਕਿਤੇ ਜਾ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਚੌਕੀ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀਬਾਰੀ ਵਿੱਚ ਉਹ ਜ਼ਖਮੀ ਹੋ ਗਿਆ। ਬਦਮਾਸ਼ ਨਾਲ ਬਾਈਕ ‘ਤੇ ਇਕ ਹੋਰ ਸਾਥੀ ਵੀ ਸੀ, ਜੋ ਮੌਕਾ ਦੇਖ ਕੇ ਫਰਾਰ ਹੋ ਗਿਆ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 26 ਸਾਲਾ ਗੈਂਗਸਟਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਅੱਜ ਤੜਕੇ 4 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਹ ਕਾਰਵਾਈ ਨਵ-ਨਿਯੁਕਤ ਡੀਸੀਪੀ ਕ੍ਰਾਈਮ ਰਾਜੇਸ਼ ਫੋਗਾਟ ਦੀ ਅਗਵਾਈ ਹੇਠ ਹੋਈ।
ਬਿਹਾਰ ਦਾ ਰਹਿਣ ਵਾਲਾ ਸੀ ਮੁਲਜ਼ਮ
ਪੁਲਿਸ ਮੁਤਾਬਕ ਗੈਂਗਸਟਰ ਦਾ ਨਾਮ ਸਰੋਜ ਰਾਏ ਹੈ। ਉਹ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਮਹਿੰਦਰਵਾੜਾ ਥਾਣਾ ਖੇਤਰ ਦੇ ਪਿੰਡ ਬਤਰੌਲੀ ਦਾ ਰਹਿਣ ਵਾਲਾ ਸੀ। ਉਸ ਨੇ ਰੰਨੀਸੈਦਪੁਰ ਦੇ ਵਿਧਾਇਕ ਪੰਕਜ ਮਿਸ਼ਰਾ ਤੋਂ ਜਬਰੀ ਵਸੂਲੀ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਹ ਬਿਹਾਰ ਐਸਟੀਐਫ ਦੀ ਹਿੱਟ ਲਿਸਟ ਵਿੱਚ ਆ ਗਿਆ। ਉਦੋਂ ਬਿਹਾਰ ਐਸਟੀਐਫ ਨੇ ਸਰੋਜ ਦੇ ਪਤੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਜੇਡੀਯੂ ਵਿਧਾਇਕ ਤੋਂ ਜਬਰੀ ਵਸੂਲੀ ਦੀ ਮੰਗ ਕਰਨ ਤੋਂ ਬਾਅਦ ਸੀਤਾਮੜੀ ਥਾਣੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੈਂਗਸਟਰ ਬਿਹਾਰ ਤੋਂ ਹਰਿਆਣਾ ਆਇਆ ਸੀ। ਇਸ ਤੋਂ ਬਾਅਦ ਬਿਹਾਰ ਐਸਟੀਐਫ ਉਸ ਦਾ ਪਿੱਛਾ ਕਰਕੇ ਹਰਿਆਣਾ ਪਹੁੰਚ ਗਈ।