ਇੰਡੀਗੋ ਏਅਰਲਾਈਨਜ਼ ਦੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਅੱਜ ਮੁੰਬਈ ਹਵਾਈ ਅੱਡੇ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਧਮਕੀ ਮਿਲਣ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਨੇ ਦਿੱਲੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਦੋਵਾਂ ਫਲਾਈਟਾਂ ਵਿੱਚ ਸਵਾਰ ਸਨ 258 ਯਾਤਰੀ
ਮੁੰਬਈ ਤੋਂ ਮਸਕਟ ਜਾ ਰਹੀ ਇੰਡੀਗੋ ਦੀ ਫਲਾਈਟ 6E 1275 ਅਤੇ ਮੁੰਬਈ ਤੋਂ ਜੇਦਾਹ ਜਾ ਰਹੀ ਇੰਡੀਗੋ ਦੀ ਫਲਾਈਟ 6E 56 ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ। ਇੰਡੀਗੋ ਦੀਆਂ ਦੋਵੇਂ ਫਲਾਈਟਾਂ ਵਿੱਚ 258 ਯਾਤਰੀ ਸਵਾਰ ਸਨ। ਹਾਲਾਂਕਿ ਜਾਂਚ ਤੋਂ ਬਾਅਦ ਫਲਾਈਟਾਂ ਨੂੰ ਮੁੜ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜ ਦਿੱਤਾ ਗਿਆ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀਸੀਏਐੱਸ) ਦੇ ਮੁਤਾਬਕ ਕੁੱਲ ਤਿੰਨ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ।
ਇੰਡੀਗੋ ਨੇ ਕੀ ਕਿਹਾ- ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ
ਇੰਡੀਗੋ ਦੇ ਬੁਲਾਰੇ ਅਨੁਸਾਰ ਜਿਵੇਂ ਹੀ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ, ਸੁਰੱਖਿਆ ਪ੍ਰੋਟੋਕੋਲ ਅਨੁਸਾਰ ਦੋਵਾਂ ਨੂੰ ਤੁਰੰਤ ਹਵਾਈ ਅੱਡੇ ਤੋਂ ਵੱਖਰੇ ਖੇਤਰ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ। ਹਵਾਈ ਅੱਡੇ ਦੀ ਸੁਰੱਖਿਆ ਟੀਮ, ਬੰਬ ਨਿਰੋਧਕ ਦਸਤਾ ਅਤੇ ਹੋਰ ਸਬੰਧਤ ਏਜੰਸੀਆਂ ਇਸ ਪ੍ਰਕਿਰਿਆ ਵਿੱਚ ਸ਼ਾਮਲ ਸਨ। ਇੰਡੀਗੋ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ, ਅਤੇ ਇਹ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਸੀ ਧਮਕੀ
ਦੱਸ ਦੇਈਏ ਕਿ ਅੱਜ ਸਵੇਰੇ (14 ਅਕਤੂਬਰ) ਫਜ਼ਲੂਦੀਨ ਨਾਮ ਦੇ ਅਕਾਊਂਟ ਰਾਹੀਂ ਰੇਲ ਗੱਡੀਆਂ ਅਤੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪੋਸਟ ‘ਚ ਲਿਖਿਆ ਸੀ, “ਕਿਆ ਰੇ ਹਿੰਦੋਸਤਾਨ ਰੇਲਵੇ, ਅੱਜ ਸਵੇਰੇ ਖੂਨ ਦੇ ਹੰਝੂ ਰੋਓਗੇ, ਅੱਜ ਫਲਾਈਟ ‘ਚ ਬੰਬ ਲਗਾਇਆ ਹੈ ਅਤੇ ਟਰੇਨ 12809 ‘ਚ ਵੀ। ਨਾਸਿਕ ਪਹੁੰਚਣ ਤੋਂ ਪਹਿਲਾਂ ਵੱਡਾ ਧਮਾਕਾ ਹੋਵੇਗਾ।”