ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਬੇਮੌਸਮੀ ਬਾਰਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ‘ਸਟੋਰਮ ਫੈਂਗਲ’ ਕਾਰਨ ਹੋ ਰਿਹਾ ਹੈ। ਦਰਅਸਲ, ਮੌਸਮ ਵਿਭਾਗ ਦੇ ਅਨੁਸਾਰ, ਬੁੱਧਵਾਰ ਨੂੰ ਬੰਗਾਲ ਦੀ ਖਾੜੀ ਤੋਂ ਇੱਕ ਚੱਕਰਵਾਤੀ ਤੂਫਾਨ ਪੈਦਾ ਹੋਵੇਗਾ, ਜਿਸ ਦੇ 2 ਦਿਨਾਂ ਵਿੱਚ ਤਾਮਿਲਨਾਡੂ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਫੈਂਗਲ ਤੂਫਾਨ
ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਵਿੱਚ ਇੱਕ ਦਬਾਅ ਵਾਲੇ ਖੇਤਰ ਬਣਨ ਬਾਰੇ ਚੇਤਾਵਨੀ ਦਿੱਤੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਹੋ ਸਕਦਾ ਹੈ ਅਤੇ ਤੂਫ਼ਾਨ ਵਿੱਚ ਬਦਲ ਸਕਦਾ ਹੈ। ਇਸ ਤੂਫਾਨ ਦਾ ਨਾਂ ‘ਫੈਂਗਲ’ ਹੋਵੇਗਾ। ਇਸ ਕਾਰਨ ਤਾਮਿਲਨਾਡੂ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਬੰਦ ਕੀਤੇ ਗਏ ਸਕੂਲ
ਇਸ ਚੱਕਰਵਾਤ ਦਾ ਅਸਰ ਮੰਗਲਵਾਰ ਤੋਂ ਹੀ ਦਿਖਾਈ ਦੇ ਰਿਹਾ ਹੈ। ਕੱਲ੍ਹ ਤੋਂ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਤੂਫਾਨ ਫੈਂਗਲ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਤਾਮਿਲਨਾਡੂ ਦੇ ਤ੍ਰਿਚੀ, ਰਾਮਨਾਥਪੁਰਮ, ਨਾਗਾਪੱਟੀਨਮ, ਕੁੱਡਲੋਰ, ਵਿੱਲੂਪੁਰਮ ਅਤੇ ਤਿਰੂਵੱਲੁਰ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਏਅਰਲਾਈਨਜ਼ ਲਈ ਐਡਵਾਈਜ਼ਰੀ ਜਾਰੀ
ਚੱਕਰਵਾਤੀ ਤੂਫਾਨ ਫੇਂਗਲ ਦੇ ਅੱਜ ਤਾਮਿਲਨਾਡੂ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਮੰਗਲਵਾਰ ਰਾਤ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। ਇਸ ਐਡਵਾਈਜ਼ਰੀ ਦੇ ਮੁਤਾਬਕ, ਚੇਨਈ, ਤੂਤੀਕੋਰਿਨ ਅਤੇ ਮਦੁਰਾਈ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਜਦਕਿ ਤਿਰੂਚਿਰਾਪੱਲੀ ਅਤੇ ਸਲੇਮ ਵੀ ਹੁਣ ਪ੍ਰਭਾਵਿਤ ਹੋ ਸਕਦੇ ਹਨ।