ਮਨੀਪੁਰ ਵਿੱਚ ਤਾਜ਼ਾ ਹਮਲਿਆਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ, ਕੇਂਦਰ ਨੇ ਰਾਜ ਵਿੱਚ ਲਗਭਗ 2,000 ਕਰਮਚਾਰੀਆਂ ਵਾਲੀ 20 ਵਾਧੂ CAPF ਕੰਪਨੀਆਂ ਭੇਜੀਆਂ ਹਨ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਇਨ੍ਹਾਂ ਯੂਨਿਟਾਂ ਨੂੰ ਹਵਾਈ ਜਹਾਜ਼ ਰਾਹੀਂ ਲਿਆਉਣ ਅਤੇ ਤੁਰੰਤ ਤਾਇਨਾਤੀ ਦੇ ਆਦੇਸ਼ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੀਆਰਪੀਐੱਫ ਨਾਲ ਹੋਏ ਮੁਕਾਬਲੇ ‘ਚ 10 ਅੱਤਵਾਦੀ ਮਾਰੇ ਗਏ ਸਨ। ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਵਰਦੀ ਪਹਿਨੇ ਅਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਬੋਰੋਬੇਕਰਾ ਪੁਲਿਸ ਸਟੇਸ਼ਨ ਅਤੇ ਜਿਰੀਬਾਮ ਜ਼ਿਲ੍ਹੇ ਦੇ ਜਾਕੁਰਧੋਰ ਵਿਖੇ ਸੀਆਰਪੀਐਫ ਦੇ ਨਾਲ ਲੱਗਦੇ ਕੈਂਪ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਭਿਆਨਕ ਮੁਕਾਬਲੇ ਤੋਂ ਬਾਅਦ ਫੋਰਸ ਨੇ ਅਤਿ ਆਧੁਨਿਕ ਹਥਿਆਰਾਂ ਦਾ ਵੱਡਾ ਭੰਡਾਰ ਵੀ ਜ਼ਬਤ ਕੀਤਾ।
ਸੀਆਰਪੀਐਫ ਦੀਆਂ 15 ਕੰਪਨੀਆਂ ਅਤੇ ਬੀਐਸਐਫ ਦੀਆਂ ਪੰਜ ਕੰਪਨੀਆਂ ਕੀਤੀਆਂ ਗਈਆਂ ਤੈਨਾਤ
ਸੂਤਰਾਂ ਅਨੁਸਾਰ ਮਨੀਪੁਰ ਵਿੱਚ ਜਿਨ੍ਹਾਂ 20 ਸੀਏਪੀਐਫ ਕੰਪਨੀਆਂ ਨੂੰ ਤੈਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ 15 ਸੀਆਰਪੀਐਫ ਅਤੇ ਪੰਜ ਬੀਐਸਐਫ ਦੀਆਂ ਹਨ। ਪਿਛਲੇ ਸਾਲ ਮਈ ਵਿੱਚ ਜਾਤੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਰਾਜ ਵਿੱਚ CAPF ਦੀਆਂ 198 ਕੰਪਨੀਆਂ ਪਹਿਲਾਂ ਹੀ ਤਾਇਨਾਤ ਹਨ। ਇਸ ਹਿੰਸਾ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਮਨੀਪੁਰ ਦੇ ਜਿਰੀਬਾਮ ਵਿੱਚ ਤਾਜ਼ਾ ਹਿੰਸਾ ਭੜਕਣ ਤੋਂ ਬਾਅਦ ਪਿਛਲੇ ਹਫ਼ਤੇ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਇੰਫਾਲ ਘਾਟੀ ਵਿੱਚ ਮੁਕੰਮਲ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ
ਜਿਰੀਬਾਮ ਜ਼ਿਲ੍ਹੇ ਵਿੱਚ ਵਿਦਰੋਹੀਆਂ ਵੱਲੋਂ ਤਿੰਨ ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕੀਤੇ ਜਾਣ ਦੇ ਵਿਰੋਧ ਵਿੱਚ 13 ਨਾਗਰਿਕ ਅਧਿਕਾਰ ਸੰਗਠਨਾਂ ਵੱਲੋਂ ਦਿੱਤੇ ਗਏ ਮੁਕੰਮਲ ਬੰਦ ਦੇ ਸੱਦੇ ਕਾਰਨ ਬੁੱਧਵਾਰ ਨੂੰ ਇੰਫਾਲ ਘਾਟੀ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਹੜਤਾਲ ਕਾਰਨ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ – ਇੰਫਾਲ ਈਸਟ, ਇੰਫਾਲ ਵੈਸਟ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਵਿੱਚ ਵਪਾਰਕ ਅਦਾਰੇ ਅਤੇ ਵਿਦਿਅਕ ਅਦਾਰੇ ਬੰਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਅਤੇ ਪਬਲਿਕ ਟਰਾਂਸਪੋਰਟ ਵੀ ਸੜਕਾਂ ਤੋਂ ਦੂਰ ਰਹੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ ਮਾਮੂਲੀ ਰਹੀ।
ਦੱਸ ਦੇਈਏ ਕਿ ਸੋਮਵਾਰ ਨੂੰ ਜਿਰੀਬਾਮ ਜ਼ਿਲੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 10 ਅੱਤਵਾਦੀ ਮਾਰੇ ਗਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਥਿਆਰਬੰਦ ਅੱਤਵਾਦੀਆਂ ਨੇ ਜਾਕੁਰਧੋਰ ਵਿਖੇ ਸੀਆਰਪੀਐਫ ਦੀ ਚੌਕੀ ਅਤੇ ਨੇੜਲੇ ਬੋਰੋਬੇਕਰਾ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਸੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ‘ਚ ਘੱਟੋ-ਘੱਟ 10 ਅੱਤਵਾਦੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਤੋਂ ਬਾਅਦ ਤਿੰਨ ਔਰਤਾਂ ਸਮੇਤ 6 ਲੋਕ ਲਾਪਤਾ ਹਨ।