Punjab News: ਪੰਜਾਬ ਦੇ ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਅੱਜ 125 ਫੁੱਟ ਉੱਚਾ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਵੱਖ-ਵੱਖ ਮੇਲਿਆਂ ਵਿੱਚ 2500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਰਾਵਣ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਦਰੇਸੀ ਮੇਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਵਾਰ ਰਾਵਣ ਨੂੰ ਵਿਲੱਖਣ ਰੂਪ ਦੇਣ ਲਈ ਉਸ ਨੂੰ ਰਾਜੇ ਦੀ ਜੈਕੇਟ ਪਹਿਨਾਈ ਜਾਵੇਗੀ ਅਤੇ ਉਸ ਦੇ ਹੱਥ ਵਿਚ 15 ਫੁੱਟ ਲੰਬੀ ਤਲਵਾਰ ਹੋਵੇਗੀ, ਜਿਸ ‘ਤੇ ਆਤਿਸ਼ਬਾਜ਼ੀ ਹੋਵੇਗੀ। ਜੈਕਟ ਕੰਪਿਊਟਰਾਈਜ਼ਡ ਡਿਜ਼ਾਈਨ ਨਾਲ ਬਣਾਈ ਗਈ ਹੈ। ਅੱਗ ਲੱਗਣ ਤੋਂ ਬਾਅਦ ਰਾਵਣ ਦੇ ਪੁਤਲੇ ਤੋਂ ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਨਿਕਲਣਗੀਆਂ।
ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਡਾ ਪੁਤਲਾ, ਕੀਮਤ 2 ਲੱਖ ਰੁਪਏ
ਕਾਰੀਗਰ ਅਕੀਲ ਨੇ ਦੱਸਿਆ ਕਿ ਉਹ ਆਗਰਾ ਤੋਂ ਆਏ ਹਨ ਅਤੇ 2004 ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਹਨ। ਦਰੇਸੀ ਗਰਾਊਂਡ ਵਿੱਚ ਤਿਆਰ ਕੀਤਾ ਜਾ ਰਿਹਾ ਪਤਲਾ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਡਾ ਪੁਤਲਾ ਹੈ। ਪਿਛਲੇ ਸਾਲ ਲੁਧਿਆਣਾ ਵਿੱਚ ਹੀ 120 ਫੁੱਟ ਦਾ ਰਾਵਣ ਬਣਾਇਆ ਗਿਆ ਸੀ ਪਰ ਇਸ ਵਾਰ ਇਸ ਦੀ ਉਚਾਈ ਹੋਰ ਵਧਾ ਦਿੱਤੀ ਗਈ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ।
45 ਦਿਨਾਂ ਵਿੱਚ ਤਿਆਰ ਹੋਏ ਪੁਤਲੇ
ਆਕੀਲ ਖਾਨ ਨੇ ਦੱਸਿਆ ਕਿ ਆਰਡਰ ਮਿਲਣ ਤੋਂ ਬਾਅਦ ਆਗਰਾ ‘ਚ ਹੀ ਮਿੱਟੀ ਤੋਂ ਸਾਰੇ ਪੁਤਲੇ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਿਚ ਲਗਭਗ 45 ਦਿਨ ਲੱਗਦੇ ਹਨ। ਇਸ ਦੇ ਲਈ ਉਹ 20 ਕਾਰੀਗਰ ਲੈ ਕੇ ਆਉਂਦੇ ਹਨ। ਇਹ ਕਾਰੀਗਰ ਉਪਕਾਰ ਨਗਰ, ਦੁੱਗਰੀ, ਬੀਆਰਐਸ ਨਗਰ, ਰਾਜਗੁਰੂ ਨਗਰ, ਜਮਾਲਪੁਰ, ਮੂਲਾਪੁਰ, ਜਗਰਾਉਂ ਅਤੇ ਖੰਨਾ ਦੇ ਸਾਰੇ ਦੁਸਹਿਰਾ ਗਰਾਊਂਡਾਂ ਵਿੱਚ ਤਿਆਰ ਕਰਕੇ ਭੇਜਦੇ ਹਨ। ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕੀਤੇ ਗਏ ਸਨ, ਜੋ 60 ਫੁੱਟ ਲੰਬੇ ਸਨ ਅਤੇ ਪ੍ਰਤੀ ਪੁਤਲੇ ਦੀ ਕੀਮਤ 1 ਲੱਖ ਰੁਪਏ ਸੀ। ਇਹ ਪੁਤਲੇ ਦੋ ਕ੍ਰੇਨਾਂ ਦੀ ਮਦਦ ਨਾਲ ਬਣਾਏ ਗਏ ਹਨ।