ਕੁਝ ਦਿਨ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਹੈਰਾਨੀਜਨਕ ਫੈਸਲਾ ਲੈਂਦਿਆਂ ਬਾਬਰ ਆਜ਼ਮ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਇਹ ਫੈਸਲਾ ਇੰਗਲੈਂਡ ਖਿਲਾਫ ਮੁਲਤਾਨ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਬਾਅਦ ਲਿਆ। ਬਾਬਰ ਆਜ਼ਮ ਦੀ ਟੀਮ ‘ਚ ਵਾਪਸੀ ਹੁਣ ਕਾਫੀ ਮੁਸ਼ਕਿਲ ਲੱਗ ਰਹੀ ਹੈ। ਪਰ ਇਹ ਸੱਜੇ ਹੱਥ ਦਾ ਬੱਲੇਬਾਜ਼ ਵਾਪਸੀ ਕਰ ਸਕਦਾ ਹੈ। ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਬਾਬਰ ਨੂੰ ਵਾਪਸੀ ਕਰਨ ਦਾ ਗੁਰੂ ਮੰਤਰ ਦਿੱਤਾ ਹੈ।
ਬਾਬਰ ਲੰਬੇ ਸਮੇਂ ਤੋਂ ਦੌੜਾਂ ਨਹੀਂ ਬਣਾ ਰਿਹਾ ਸੀ। ਉਸ ਦੀ ਪਰਫੋਮੈਂਸ ਸਵਾਲਾਂ ਦੇ ਘੇਰੇ ਵਿਚ ਸੀ। ਇੱਥੇ ਪਾਕਿਸਤਾਨ ਦੀ ਟੀਮ ਨੂੰ ਜਿੱਤ ਵੀ ਨਹੀਂ ਮਿਲ ਰਹੀ ਸੀ। ਬੰਗਲਾਦੇਸ਼ ਪਾਕਿਸਤਾਨ ਨੂੰ ਘਰੇਲੂ ਮੈਦਾਨ ‘ਤੇ ਦੋ ਟੈਸਟ ਮੈਚਾਂ ‘ਚ ਹਰਾ ਕੇ ਰਵਾਨਾ ਹੋ ਗਿਆ ਸੀ। ਬਾਬਰ ਨੇ ਟੀਮ ਨੂੰ ਛੱਡਦੇ ਹੀ ਪਾਕਿਸਤਾਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਦੂਜੇ ਟੈਸਟ ਮੈਚ ‘ਚ ਇੰਗਲੈਂਡ ਨੂੰ ਹਰਾਇਆ। ਬਾਬਰ ਦੀ ਥਾਂ ‘ਤੇ ਆਏ ਕਾਮਰਾਨ ਗੁਲਾਮ ਨੇ ਸ਼ਾਨਦਾਰ ਸੈਂਕੜਾ ਲਗਾਇਆ। ਅਜਿਹੇ ‘ਚ ਬਾਬਰ ਦੀ ਪਾਕਿਸਤਾਨ ਟੀਮ ‘ਚ ਵਾਪਸੀ ਹੁਣ ਕਾਫੀ ਮੁਸ਼ਕਿਲ ਨਜ਼ਰ ਆ ਰਹੀ ਹੈ।
ਸਹਿਵਾਗ ਨੇ ਦਿੱਤੀ ਸਲਾਹ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸਹਿਵਾਗ ਨੇ ਹਾਲ ਹੀ ‘ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਯੂਟਿਊਬ ਚੈਨਲ ‘ਤੇ ਚਰਚਾ ਕੀਤੀ। ਅਖਤਰ ਨੇ ਸਹਿਵਾਗ ਨੂੰ ਪੁੱਛਿਆ ਕਿ ਬਾਬਰ ਨੂੰ ਵਾਪਸੀ ਲਈ ਕੀ ਕਰਨਾ ਚਾਹੀਦਾ ਹੈ। ਇਸ ‘ਤੇ ਸਹਿਵਾਗ ਨੇ ਬਾਬਰ ਨੂੰ ਘਰੇਲੂ ਕ੍ਰਿਕਟ ‘ਚ ਵਾਪਸੀ ਦੀ ਸਲਾਹ ਦਿੱਤੀ। ਸਹਿਵਾਗ ਨੇ ਕਿਹਾ, “ਬਾਬਰ ਆਜ਼ਮ ਨੂੰ ਘਰੇਲੂ ਕ੍ਰਿਕਟ ਖੇਡਣਾ ਚਾਹੀਦਾ ਹੈ। ਉਸ ਨੂੰ ਆਪਣੀ ਫਿਟਨੈੱਸ ‘ਤੇ ਕੰਮ ਕਰਨਾ ਚਾਹੀਦਾ ਹੈ। ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਫਿਰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਫਿੱਟ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨੀ ਚਾਹੀਦੀ ਹੈ।”