Virat Kohli: ਚੇੱਨਈ ਟੈਸਟ ਮੈਚ ‘ਚ ਵੱਡੀ ਪਾਰੀ ਖੇਡਣ ‘ਚ ਨਾਕਾਮ ਰਹੇ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਨੈੱਟ ‘ਤੇ ਘੰਟਿਆਂ ਤੱਕ ਅਭਿਆਸ ਕੀਤਾ। ਵਿਰਾਟ ਇਸ ਸੀਰੀਜ਼ ਲਈ ਇੰਗਲੈਂਡ ਤੋਂ ਸਿੱਧੇ ਟੀਮ ਨਾਲ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਕੋਈ ਅਭਿਆਸ ਮੈਚ ਵੀ ਨਹੀਂ ਖੇਡਿਆ ਸੀ ਅਤੇ ਇਸੇ ਕਾਰਨ ਵਿਰਾਟ ਨੇ ਨੈੱਟ ‘ਤੇ ਕਾਫੀ ਪਸੀਨਾ ਵਹਾਇਆ । ਵਿਰਾਟ ਦੱਖਣੀ ਅਫਰੀਕਾ ਦੌਰੇ ‘ਤੇ ਅਭਿਆਸ ਮੈਚ ਦਾ ਹਿੱਸਾ ਨਹੀਂ ਸਨ ਅਤੇ ਉੱਥੇ ਵੀ ਉਨ੍ਹਾਂ ਨੇ ਨੈੱਟ ‘ਤੇ ਘੰਟਿਆਂ ਬੱਧੀ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਕੋਹਲੀ ਨੂੰ ਕਰਨਾ ਪਿਆ ਸੰਘਰਸ਼
ਕਾਨਪੁਰ ਟੈਸਟ ਦੇ ਪਹਿਲੇ ਅਭਿਆਸ ਸੈਸ਼ਨ ‘ਚ ਵਿਰਾਟ ਨੂੰ ਆਪਣੀ ਬੱਲੇਬਾਜ਼ੀ ਦੀ ਲੈਅ ਲੱਭਣ ਲਈ ਸੰਘਰਸ਼ ਕਰਨਾ ਪਿਆ। ਨੈੱਟ ਗੇਂਦਬਾਜ਼ ਜਮਸ਼ੇਦ ਆਲਮ ਨੇ ਲਗਾਤਾਰ ਆਪਣੀ ਆਊਟ ਸਵਿੰਗ ਨਾਲ ਉਨ੍ਹਾਂ ਨੂੰ ਪਰੇਸ਼ਾਨ ਕੀਤਾ। ਜੇਕਰ ਸਲਿੱਪ ਹੁੰਦੀ ਤਾਂ ਵਿਰਾਟ ਕੈਚ ਆਊਟ ਹੋ ਜਾਂਦੇ। ਬੁਮਰਾਹ ਤੋਂ ਇਲਾਵਾ ਵਿਰਾਟ ਭਾਰਤੀ ਟੀਮ ਦੇ ਹੋਰ ਸਪਿਨਰਾਂ ਦੇ ਸਾਹਮਣੇ ਵੀ ਅਸਹਿਜ ਨਜ਼ਰ ਆਏ। ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਨੇ ਪਿੱਚ ਦਾ ਮੁਆਇਨਾ ਕਰਨ ਤੋਂ ਬਾਅਦ ਜ਼ਿਆਦਾ ਬੱਲੇਬਾਜ਼ੀ ਨਹੀਂ ਕੀਤੀ। ਪਹਿਲੇ ਦਿਨ ਕੋਚ ਗੌਤਮ ਗੰਭੀਰ ਅਤੇ ਕਪਤਾਨ ਖਿਡਾਰੀਆਂ ਲਈ ਰਣਨੀਤੀ ਬਣਾਉਣ ਵਿੱਚ ਰੁੱਝੇ ਨਜ਼ਰ ਆਏ। ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ ਨੇ ਥੋੜ੍ਹੇ ਸਮੇਂ ਵਿੱਚ ਗੇਂਦਬਾਜ਼ੀ ਦਾ ਅਭਿਆਸ ਕੀਤਾ। ਇਕ ਨੈੱਟ ‘ਤੇ ਸਿਰਫ ਤੇਜ਼ ਗੇਂਦਬਾਜ਼ ਹੀ ਗੇਂਦ ਸੁੱਟ ਰਹੇ ਸਨ, ਜਦਕਿ ਦੂਜੇ ਦੋ ਨੈੱਟ ‘ਤੇ ਸਪਿਨਰ ਅਤੇ ਥ੍ਰੋਅ ਡਾਊਨ ਮਾਹਿਰ ਸਨ।