ਹੈਦਰਾਬਾਦ ਪੁਲਿਸ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸੰਧਿਆ ਥੀਏਟਰ ਭਗਦੜ ਦੀ ਘਟਨਾ ਬਾਰੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਫੈਲਾਉਣ ਜਾਂ ਗੁੰਮਰਾਹਕੁੰਨ ਵੀਡੀਓ ਪੋਸਟ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਜਾਣਬੁੱਝ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਅੱਲੂ ਅਰਜੁਨ ਦੇ ਆਉਣ ਤੋਂ ਪਹਿਲਾਂ ਭਗਦੜ ਮਚ ਗਈ ਸੀ। ਹੈਦਰਾਬਾਦ ਪੁਲਿਸ ਦਾ ਕਹਿਣਾ ਹੈ, ‘ਅਸੀਂ ਮਾਮਲੇ ਦੀ ਜਾਂਚ ਦੌਰਾਨ ਵੀ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ।’
ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਬੇਨਤੀ
ਪੁਲਿਸ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਝੂਠੀ ਖ਼ਬਰ ਨੂੰ ਗੰਭੀਰਤਾ ਨਾਲ ਲਵੇਗੀ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਤੋਂ ਇਲਾਵਾ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਪੁਖਤਾ ਸਬੂਤ ਜਾਂ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਦੇ ਸਕਦਾ ਹੈ।
ਕੀ ਹੈ ਸਾਰਾ ਮਾਮਲਾ
4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ, ਜਿੱਥੇ ‘ਪੁਸ਼ਪਾ 2’ ਦਿਖਾਈ ਜਾ ਰਹੀ ਸੀ, ‘ਚ ਭਗਦੜ ਦੌਰਾਨ 35 ਸਾਲਾ ਔਰਤ ਦੀ ਮੌਤ ਹੋ ਗਈ ਸੀ। ਇਸ ਦੌਰਾਨ ਅਭਿਨੇਤਾ ਅੱਲੂ ਅਰਜੁਨ ਵੀ ਥੀਏਟਰ ਦੀ ਦੂਜੀ ਮੰਜ਼ਿਲ ‘ਤੇ ਮੌਜੂਦ ਸਨ। ਇਸ ਘਟਨਾ ਵਿੱਚ ਔਰਤ ਦੇ ਅੱਠ ਸਾਲਾ ਬੇਟੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਲੜਕਾ ਹਸਪਤਾਲ ਵਿੱਚ ਦਾਖਲ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਐਕਟਰ ਅੱਲੂ ਅਰਜੁਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਉਹ ਇਕ ਰਾਤ ਜੇਲ ‘ਚ ਰਹੇ, ਫਿਰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਹਾਲ ਹੀ ‘ਚ ਪੁਲਸ ਨੇ ਇਸ ਮਾਮਲੇ ‘ਤੇ ਅਦਾਕਾਰ ਤੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ।